ਤੇਲ ਦੀਆਂ ਕੀਮਤਾਂ ‘ਚ ਮੁੜ ਵਾਧਾ-ਪੈਟਰੋਲ-ਡੀਜ਼ਲ 90 ਪੈਸੇ ਮਹਿੰਗਾ
ਨਵੀਂ ਦਿੱਲੀ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਦੇਸ਼ ਭਰ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਔਸਤਨ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਦਾ ਸਿੱਧਾ ਅਸਰ ਹੁਣ ਭਾਰਤੀ ਖਪਤਕਾਰਾਂ ਦੀ ਜੇਬ ‘ਤੇ ਪੈਣ ਲੱਗਾ ਪਿਆ ਹੈ।
ਅੱਜ ਹੋਏ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਪੈਟਰੋਲ 87 ਪੈਸੇ ਦੀ ਤੇਜ਼ੀ ਨਾਲ 97.77 ਰੁਪਏ ਤੋਂ ਵੱਧ ਕੇ 98.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 91 ਪੈਸੇ ਮਹਿੰਗਾ ਹੋ ਕੇ 91.58 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।
ਦੇਸ਼ ਦੇ ਹੋਰਨਾਂ ਮਹਾਨਗਰਾਂ ਵਿੱਚ ਵੀ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਮੁੰਬਈ ਵਿੱਚ ਪੈਟਰੋਲ 91 ਪੈਸੇ ਦੇ ਵਾਧੇ ਨਾਲ 107.59 ਰੁਪਏ ਅਤੇ ਡੀਜ਼ਲ 94 ਪੈਸੇ ਦੀ ਮਾਰ ਨਾਲ 94.08 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।