ਤੇਲ ਪੰਪ ਡੀਲਰਾਂ ਨੇ ਪੰਜਾਬ ਸਰਕਾਰ ਤੋਂ ਮੰਗੀ ਮਦਦ
ਚੰਡੀਗੜ੍ਹ, 20 ਮਈ (ਪੰਜਾਬ ਟਾਈਮਜ਼ ਵਿਸ਼ੇਸ਼)- ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਿੱਲਤ ਦੇਖਣ ਨੂੰ ਮਿਲ ਸਕਦੀ ਹੈ। ਸੂਬੇ ਵਿੱਚ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕਈ ਪੈਟਰੋਲ ਪੰਪਾਂ ‘ਤੇ ਸਟਾਕ ਖਤਮ ਹੋਣ ਦੇ ਕਗਾਰ ‘ਤੇ ਪਹੁੰਚ ਗਿਆ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ‘ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ’ ਨੇ ਸੂਬਾ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਭੇਜੇ ਗਏ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਤੇਲ ਦੀ ਸਪਲਾਈ ਵਿੱਚ ਲਗਾਤਾਰ ਦੇਰੀ ਅਤੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਆ ਰਹੀਆਂ ਹਨ। ਇਸ ਕਾਰਨ ਪੰਪਾਂ ਤੱਕ ਲੋੜ ਮੁਤਾਬਕ ਪੈਟਰੋਲ-ਡੀਜ਼ਲ ਨਹੀਂ ਪਹੁੰਚ ਰਿਹਾ। ਹਾਲਾਤ ਇਹ ਬਣ ਗਏ ਹਨ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਪੈਟਰੋਲ ਪੰਪਾਂ ‘ਤੇ ਤੇਲ ਦੀ ਭਾਰੀ ਕਮੀ ਸਾਹਮਣੇ ਆਉਣ ਲੱਗੀ ਹੈ। ਐਸੋਸੀਏਸ਼ਨ ਨੇ ਚਿੱਠੀ ਪ੍ਰਗਟ
ਕਰਦਿਆਂ ਕਿਹਾ ਕਿ ਇੱਕ ਪਾਸੇ ਜਿੱਥੇ ਸਪਲਾਈ ਪਹਿਲਾਂ ਹੀ ਪ੍ਰਭਾਵਿਤ ਹੈ, ਉੱਥੇ ਹੀ ਦੂਜੇ ਪਾਸੇ ਕਈ ਤੇਲ ਡਿਪੂਆਂ ਨੇ ਛੁੱਟੀਆਂ ਵਾਲੇ ਦਿਨਾਂ ਦੌਰਾਨ ਆਪਣਾ ਕੰਮਕਾਜ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਛੁੱਟੀਆਂ ਦੌਰਾਨ ਕੰਮ ਬੰਦ ਰਹਿਣ ਕਾਰਨ ਸਟਾਕ ਦੀ ਪੂਰਤੀ ਨਹੀਂ ਹੋ ਪਾ ਰਹੀ, ਜਿਸ ਕਾਰਨ ਇਹ ਸੰਕਟ ਹੋਰ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੈਟਰੋਲ ਪੰਪ ਡੀਲਰਾਂ ਮੁਤਾਬਕ ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਤੁਰੰਤ ਦਖਲ ਦੇ ਕੇ ਤੇਲ ਕੰਪਨੀਆਂ ਅਤੇ ਡਿਪੂਆਂ ਨਾਲ ਗੱਲਬਾਤ ਨਾ ਕੀਤੀ, ਤਾਂ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਆਮ ਜਨਤਾ, ਕਿਸਾਨਾਂ ਅਤੇ ਟਰਾਂਸਪੋਰਟਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
===AUTHOR===