ਸਿੱਖ ਰਾਜ ਤਾਕਤ, ਏਕਤਾ ਅਤੇ ਧਰਮ ਨਿਰਪੱਖ ਸ਼ਾਸਨ ਦਾ ਵਿਲੱਖਣ ਵਰਤਾਰਾ
ਸਿੱਖ ਰਾਜ (ਸਰਕਾਰ-ਏ-ਖਾਲਸਾ) ਭਾਰਤੀ ਉਪ ਮਹਾਂਦੀਪ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਅਧਿਆਇ ਹੈ। ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਸਥਾਪਿਤ ਇਸ ‘ਰਾਜ’ ਨੇ ਅਸਥਿਰਤਾ ਅਤੇ ਵਿਦੇਸ਼ੀ ਹਮਲਿਆਂ ਦੇ ਦੌਰ ਵਿੱਚ ਤਾਕਤ, ਅਨੁਸ਼ਾਸਨ ਅਤੇ ਸ਼ਾਨਦਾਰ ਪ੍ਰਸ਼ਾਸਨ ਦੀ ਮਿਸਾਲ ਪੇਸ਼ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਛੋਟੀ ਛੋਟ ਦਾ ਸ਼ਿਕਾਰ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ 1799 ਵਿੱਚ ਲਾਹੌਰ ‘ਤੇ ਕਬਜ਼ਾ ਕੀਤਾ ਅਤੇ 1801 ਵਿੱਚ ਪੰਜਾਬ ਦੇ ਮਹਾਰਾਜਾ ਬਣੇ। ਉਨ੍ਹਾਂ ਨੇ ਸਾਮਰਾਜ ਨੂੰ ਖੈਬਰ ਦਰੇ ਤੋਂ ਤਿੱਬਤ ਅਤੇ ਕਸ਼ਮੀਰ ਤੋਂ ਮੁਲਤਾਨ ਤੱਕ ਫੈਲਾਇਆ। ਸਿੱਖ ਰਾਜ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਧਰਮ ਨਿਰਪੱਖ ਅਤੇ ਸਮਾਵੇਸ਼ੀ ਸ਼ਾਸਨ ਸੀ। ਹਿੰਦੂ, ਮੁਸਲਮਾਨ ਅਤੇ ਯੂਰਪੀ ਲੋਕਾਂ ਨੂੰ ਵੀ ਸਰਕਾਰ ਅਤੇ ਫੌਜ ਵਿੱਚ ਮਹੱਤਵਪੂਰਨ ਅਹੁਦੇ ਮਿਲੇ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ, ਮੰਦਿਰਾਂ ਅਤੇ ਦਰਗਾਹਾਂ ਨੂੰ ਬਰਾਬਰ ਆਦਰ ਦਿੱਤਾ, ਜੋ ਸਿੱਖ ਫਲਸਫੇ ਦੇ ਬਰਾਬਰੀ ਅਤੇ ਸਹਿ-ਅਸਤਿਤਵ ਦੇ ਸਿਧਾਂਤ ਦੀ ਅਸਲ ਝਲਕ ਸੀ। ਉਨ੍ਹਾਂ ਨੇ ਖਾਲਸਾ ਫੌਜ ਨੂੰ ਆਧੁਨਿਕ ਹਥਿਆਰਾਂ ਅਤੇ ਯੂਰਪੀ ਸਿਖਲਾਈ ਨਾਲ ਮਜ਼ਬੂਤ ਕੀਤਾ। ਇਸ ਕਾਰਨ ਸਿੱਖ ਫੌਜ ਏਸ਼ੀਆ ਦੀਆਂ ਸਭ ਤੋਂ ਤਾਕਤਵਰ ਫੌਜਾਂ ਵਿੱਚ ਸ਼ਾਮਲ ਹੋ ਗਈ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਵਿਸਥਾਰ ਨੂੰ ਲੰਬੇ ਸਮੇਂ ਤੱਕ ਰੋਕੀ ਰੱਖਿਆ। ਉਸ ਸਮੇਂ ਆਰਥਿਕ ਅਤੇ ਸਮਾਜਿਕ ਪੱਖੋਂ ਵੀ ਪੰਜਾਬ ਵਿੱਚ ਖੁਸ਼ਹਾਲੀ ਆਈ। ਲਾਹੌਰ, ਅੰਮ੍ਰਿਤਸਰ ਅਤੇ ਪੇਸ਼ਾਵਰ ਵਪਾਰਕ ਕੇਂਦਰ ਬਣੇ ਅਤੇ ਕਲਾ, ਵਾਸਤੂ ਕਲਾ ਤੇ ਇਤਿਹਾਸਕ ਪੁਰਾਤਨਾਂ ਨੂੰ ਉਤਸ਼ਾਹ ਮਿਲਿਆ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਦਰੂਨੀ ਫੁੱਟ ਕਾਰਨ ਸਿੱਖ ਰਾਜ ਕਮਜ਼ੋਰ ਹੋ ਗਿਆ ਅਤੇ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ। ਸਿੱਖ ਰਾਜ ਬਹਾਦਰੀ, ਏਕਤਾ, ਧਰਮ ਨਿਰਪੱਖਤਾ ਅਤੇ ਮਜ਼ਬੂਤ ਸ਼ਾਸਨ ਦੀ ਇੱਕ ਅਮਰ ਵਿਰਾਸਤ ਵਜੋਂ ਅੱਜ ਵੀ ਪੰਜਾਬੀ ਅਤੇ ਸਿੱਖ ਪਹਿਚਾਣ ਦਾ ਮਾਣ ਬਣਿਆ ਹੋਇਆ ਹੈ।
-ਬਲਜੀਤ ਸਿੰਘ ਬਰਾੜ
Discussion
Be the first to comment