ਪ੍ਰਮੁੱਖੀ ਫੈਸਲਿਆਂ ‘ਚ ਦੇਰੀ ਲੋਕਾਂ ਨੂੰ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਨਵੀਂ ਦਿੱਲੀ, 21 ਮਈ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਕਿਹਾ ਕਿ ਫੈਸਲੇ ਲੈਣ ਤੋਂ ਪਿੱਛੇ ਹਟਣਾ ਨੈਤਿਕਤਾ ਨਹੀਂ ਹੈ, ਬਲਕਿ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ ਹੈ। ਇਹ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕਰਨ ਆਏ 2024 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ ਏ ਐੱਸ) ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ, “ਤੁਹਾਨੂੰ ਇਮਾਨਦਾਰ ਅਤੇ ਨੈਤਿਕ ਹੋਣਾ ਪਵੇਗਾ। ਇਸ ਦੇ ਨਾਲ ਹੀ, ਤੁਹਾਨੂੰ ਨਤੀਜੇ ਵੀ ਦੇਣੇ ਪੈਣਗੇ। ਆਈ ਏ ਐੱਸ ਅਧਿਕਾਰੀਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਨੂੰ ਸੌਂਪੀਆਂ ਗਈਆਂ ਤਾਕਤਾਂ ਦੀ ਵਰਤੋਂ ਕਰਨ।” ਰਾਸ਼ਟਰਪਤੀ ਨੇ ਕਿਹਾ, “ਫੈਸਲਾ ਲੈਣ ਤੋਂ ਬਚਣਾ ਜਾਂ ਪਿੱਛੇ ਹਟਣਾ ਕੋਈ ਨੈਤਿਕਤਾ ਨਹੀਂ ਕਹਾਉਂਦਾ। ਇਸ ਦੀ ਬਜਾਏ, ਲੋਕ ਹਿੱਤ ਅਤੇ ਸਪਸ਼ਟ ਵਿਵੇਕਸ਼ੀਲਤਾ ਦੇ ਅਨੁਕੂਲ ਸਹੀ ਫੈਸਲੇ ਲੈਣਾ ਹੀ ਨੈਤਿਕਤਾ ਦਾ ਅਸਲ ਤੱਤ ਹੈ। ਜਿਸ ਤਰ੍ਹਾਂ ਨਿਆਂ ਦੇਣ ਵਿੱਚ ਦੇਰੀ ਨੂੰ ਨਿਆਂ ਤੋਂ ਇਨਕਾਰ ਮੰਨਿਆ ਜਾਂਦਾ ਹੈ, ਓਵੇਂ ਹੀ ਪ੍ਰਮੁੱਖੀ ਫੈਸਲੇ ਲੈਣ ਵਿੱਚ ਦੇਰੀ ਲੋਕਾਂ ਨੂੰ ਉਨ੍ਹਾਂ ਦੇ ਜਾਇਜ਼ ਹਿੱਤਾਂ ਤੋਂ ਵਾਂਝੇ ਕਰਨ ਦੇ ਤੁੱਲ ਹੈ।”