ਗੈਰ ਵਿਦਿਅਕ ਡਿਊਟੀਆਂ ਬਹਾਨੇ ਅਧਿਆਪਕਾਂ ‘ਤੇ ਅੱਤਿਆਚਾਰ ਕਰਨਾ ਬੰਦ ਕਰੇ ਪੰਜਾਬ ਸਰਕਾਰ : ਸੀ.ਟੀ.ਯੂ

May 26, 2026 Punjabi Page 7

ਗੈਰ ਵਿਦਿਅਕ ਡਿਊਟੀਆਂ ਬਹਾਨੇ ਅਧਿਆਪਕਾਂ ‘ਤੇ ਅੱਤਿਆਚਾਰ ਕਰਨਾ ਬੰਦ ਕਰੇ ਪੰਜਾਬ ਸਰਕਾਰ : ਸੀ.ਟੀ.ਯੂ

ਅਧਿਆਪਕ ਤੇ ਸਿੱਖਿਆ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ 2 ਜੂਨ ਨੂੰ ਮੁਹਾਲੀ ਵਿਖੇ ਹੋਵੇਗੀ ਰੋਸ ਰੈਲੀ : ਆਗੂ

ਅੰਮ੍ਰਿਤਸਰ, 25 ਮਈ (ਅਮਿਤ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਵਧਵਾਨੀ ਦੀ ਪ੍ਰਧਾਨਗੀ ਹੇਠ ਹੋਈ। ਹਰਵਿੰਦਰ ਸਿੰਘ ਸੁਲਤਾਨਵਿੰਡ ਜ਼ਿਲ੍ਹਾ ਜਨਰਲ ਸਕੱਤਰ ਦੁਆਰਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੇ ਕਈ ਤਰ੍ਹਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਸਭ ਤੋਂ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਆਗੂਆਂ ਨੇ ਆਖਿਆ ਕਿ ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਜਿਵੇਂ ਬੀ.ਐਲ.ਓ., ਇਲੈਕਸ਼ਨ ਡਿਊਟੀ, ਐਮ.ਆਈ. ਆਰ. ਦਾ ਕੰਮ, ਪਰਾਲੀ ਸਾੜਨ ਸਬੰਧੀ ਡਿਊਟੀ, ਸੈਂਸਸ ਅਤੇ ਸਕੂਲਾਂ ਵਿੱਚ ਕਈ ਤਰ੍ਹਾਂ ਦੇ ਹੋਰ ਗੈਰ ਵਿਦਿਅਕ ਪ੍ਰੋਜੈਕਟ ਜਿਵੇਂ ਮਿਸ਼ਨ ਅਮਰ, ਚਾਨਣ ਪ੍ਰੋਜੈਕਟ ਆਦਿ ਅਨੇਕਾਂ ਪ੍ਰਕਾਰ ਦੇ ਗੈਰ ਵਿਦਿਅਕ ਪ੍ਰੋਜੈਕਟ ਵਾਲੇ ਕੇ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦਾ ਸਿੱਖਿਆ ਮੰਤਰੀ ਇਹ ਸਭ ਕੁਝ ਦੇਖ ਕੇ ਮੂਕ ਦਰਸ਼ਕ ਬਣ ਬੈਠਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਮੰਤਰੀ ਇਸ ਸਭ ਦਾ ਵਿਰੋਧ ਕਰਨ ਦੀ ਬਜਾਏ ਕਿਸੇ ਹੋਰ ਹੀ ਦੁਨੀਆਂ ਵਿੱਚ ਗਵਾਚਾ ਜਾਪਦਾ ਹੈ। ਅਧਿਆਪਕਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ 2 ਜੂਨ ਨੂੰ ਮੁਹਾਲੀ ਦੇ ਵੇਰਕਾ ਭਵਨ ਵਿਖੇ ਸੂਬਾਪੱਧਰੀ ਰੋਸ ਰੈਲੀ ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸੀ.ਟੀ.ਯੂ ਦੇ ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਇਸ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ। ਇਸ ਸਮੇਂ ਹਰਪ੍ਰੀਤ ਸਿੰਘ ਸਰੀਨਾਂ ਸਟੇਟ ਸਕੱਤਰ, ਹੀਰਾ ਸਿੰਘ ਭੱਟੀ, ਹਰਮਨਦੀਪ ਸਿੰਘ ਡੰਗਾਲੀ, ਨਵਜੋਤ ਸਿੰਘ ਰਤਨ, ਯਾਦਵਿੰਦਰ ਸਿੰਘ ਸੋਧੂ, ਰਣਵਿੰਦਰ ਪਾਲ ਸਿੰਘ, ਹਰਵਿੰਦਰ ਸਿੰਘ ਸਲਾਲਾਬਾਦ, ਨਵਤੇਜ ਸਿੰਘ ਪਿਛਲੀਆ, ਮੋਹਨ ਸਿੰਘ ਟਾਂਡਾ, ਨਿਰਮਲ ਸਿੰਘ ਸ਼ੇਖਾ, ਅਵਤਾਰਜੀਤ ਸਿੰਘ ਆਦਿ ਹਾਜ਼ਰ ਸਨ।

QR code