ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਹੀਟ ਵੇਵ ਸਬੰਧੀ ਲੋਕਾਂ ਲਈ ਜਾਰੀ ਐਡਵਾਈਜ਼ਰੀ

May 26, 2026 Punjabi Page 7

ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਹੀਟ ਵੇਵ ਸਬੰਧੀ ਲੋਕਾਂ ਲਈ ਜਾਰੀ ਐਡਵਾਈਜ਼ਰੀ

ਫਿਲੌਰ, 25 ਮਈ (ਸੁਰਜੀਤ ਸਿੰਘ ਬਰਨਾਲਾ)- ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਹੀਟ ਵੇਵ ਦੀ ਸਥਿਤੀ ਨੂੰ ਦੇਖਦਿਆਂ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਲੋਕਾਂ ਲਈ ਸਿਹਤ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਤੇਜ਼ ਗਰਮੀ ਕਾਰਨ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ ਅਤੇ ਹੋਰ ਗਰਮੀ ਨਾਲ ਸਬੰਧੀ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਹੋਰ ਕੰਮ ਕਰਨ ਵਾਲੇ ਲੋਕਾਂ ਲਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ। ਮੈਡੀਕਲ ਅਫਸਰ ਡਾ. ਮਮਤਾ ਗੌਤਮ ਨੇ ਦੱਸਿਆ ਕਿ ਲੋਕ ਦਿਨ ਵਿੱਚ ਵਾਰ-ਵਾਰ ਪਾਣੀ ਪੀਣ, ORS, ਨਿੰਬੂ ਪਾਣੀ, ਲੱਸੀ ਅਤੇ ਹੋਰ ਤਰਲ ਪਦਾਰਥਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਹਲਕੇ ਰੰਗਾਂ ਵਾਲੇ ਸੂਤੀ ਕੱਪੜੇ ਪਹਿਨੇ ਜਾਣ ਅਤੇ ਧੁੱਪ ਵਿੱਚ ਨਿਕਲਦੇ ਸਮੇਂ ਸਿਰ ਨੂੰ ਕੱਪੜੇ ਜਾਂ ਦਸਤਰੀ ਨਾਲ ਢੱਕਿਆ ਜਾਵੇ। ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਤਰਬੂਜ, ਖੀਰਾ ਅਤੇ ਹੋਰ ਪਾਣੀ ਵਾਲੇ ਫਲ ਵੱਧ ਖਾਧੇ ਜਾਣ ਅਤੇ ਬੱਚਿਆਂ ਜਾਂ ਪਸ਼ੂਆਂ ਨੂੰ ਬੰਦ ਗੱਡੀਆਂ ਵਿੱਚ ਇਕੱਲਾ ਨਾ ਛੱਡਿਆ ਜਾਵੇ। ਡਾ. ਮਮਤਾ ਗੌਤਮ ਨੇ ਦੱਸਿਆ ਕਿ ਜੇ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਚੱਕਰ ਆਉਣਾ, ਉਲਟੀ, ਘਬਰਾਹਟ, ਬੇਹੋਸ਼ੀ ਜਾਂ ਸਾਹ ਲੈਣ ਵਿੱਚ ਤਕਲੀਫ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੀਟ ਵੇਵ ਦੌਰਾਨ ਸਾਵਧਾਨੀਆਂ ਅਪਣਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਕੀਤੀ ਜਾਵੇ।

QR code