‘ਆਪ’ ਸਰਕਾਰ ਅਮਨ-ਕਾਨੂੰਨ ਕਾਇਮ ਰੱਖਣ ‘ਚ ਬੁਰੀ ਤਰ੍ਹਾਂ ਹੋਈ ਨਾਕਾਮ ਸਿੰਘ: ਭਾਈ ਪਰਮਜੀਤ ਵਣੀਏਕੇ
ਸੁਖਮਣੀ ਅਕਾਲੀ ਦਲ ‘ਵਾਰਸ ਪੰਜਾਬ ਦੇ’ ਦਾ ਘਰ-ਘਰ ਕਰ ਰਹੇ ਹਨ ਪ੍ਰਚਾਰ
ਸ੍ਰੀ ਅੰਮ੍ਰਿਤਸਰ ਸਾਹਿਬ, 25 ਮਈ (ਨਰਿੰਦਰ ਸਿੰਘ ਬੇਦੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ‘ਚ ਅਮਨ-ਕਾਨੂੰਨ ਕਾਇਮ ਰੱਖਣ ‘ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ, ਜਿਸ ਕਾਰਨ ਪੰਜਾਬ ਵਿੱਚ ਦਿਨ-ਦਿਹਾੜੇ ਕਤਲ, ਲੁੱਟਾਂ-ਖੋਹਾਂ ਅਤੇ ਜਬਰ-ਜਨਾਹ ਤੇ ਗੁੰਡਾਗਰਦੀ ਦਾ ਬੋਲਬਾਲਾ ਦਿਨੋ ਦਿਨ ਵੱਧ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਅਟਾਰੀ ਦੇ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਵਣੀਏਕੇ ਨੇ ਹਲਕਾ ਅਟਾਰੀ ਦੇ ਅਧੀਨ ਪੈਂਦੇ ਪਿੰਡ ਬਾਬਾ ਬਕਾਲਾ ਵਿਖੇ ਪਾਰਟੀ ਦਾ ਪ੍ਰਚਾਰ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਾਨੂੰਨ ਦੀ ਅਣਹੋਂਦ ਕਾਰਨ ਗੁੰਡਾ ਅਨਸਰਾਂ ਵਿੱਚ ਦਿਨੋਂ ਦਿਨ ਕਤਲ ਅਤੇ ਲੁੱਟਾਂ-ਖੋਹਾਂ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਪੰਜਾਬ ਵਿੱਚੋਂ ਕਈ ਉਦਯੋਗ ਨੱਸ ਰਹੇ ਹਨ। ਭਾਈ ਵਣੀਏਕੇ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਨੂੰ ਠੱਲ੍ਹ ਪਾਉਣ ਦੀ ਬਜਾਏ ਮੁਕ-ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ, ਜਿਸ ਦਾ ਨੁਕਸਾਨ ਪੰਜਾਬ ਦੇ ਅਮਨ-ਪਸੰਦ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਇਸ ਮੌਕੇ ਦਵਿੰਦਰ ਸਿੰਘ ਬਾਬਾ ਬਕਾਲਾ ਵਣੀਏਕੇ ਨੇ ਕਿਹਾ ਪੰਜਾਬ ਵਿੱਚ ‘ਆਪ’ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦ ਪੰਜਾਬ ਵਿੱਚੋਂ ਨਸ਼ਾ ਖਤਮ ਕਰਕੇ ਪੰਜਾਬ ਨਸ਼ਾ ਮੁਕਤ ਕਰੇਗੀ, ਪਰ ਸੱਤਾ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਵੱਲ ਤਵੱਜੋਂ ਨਹੀਂ ਦਿੱਤੀ, ਜਿਸ ਕਾਰਨ ਪੰਜਾਬ ਵਿੱਚ ਨਸ਼ਾ ਦਿਨ-ਬ-ਦਿਨ ਹੋਰ ਵੱਧ ਰਿਹਾ ਹੈ ਤੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਖਤਮ ਹੁੰਦੀ ਜਾ ਰਹੀ ਹੈ।
ਭਾਈ ਪਰਮਜੀਤ ਸਿੰਘ ਵਣੀਏਕੇ ਅਤੇ ਦਵਿੰਦਰ ਸਿੰਘ ਬਾਬਾ ਬਕਾਲਾ ਨੇ ਕਿਹਾ ਕਿ ਸੁਖਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਪੰਜਾਬ ਵਿੱਚ ਅਮਨ-ਕਾਨੂੰਨ ਬਹਾਲ ਕੀਤਾ ਜਾਵੇਗਾ ਅਤੇ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮੁੱਖ ਮੰਤਰੀ ਬਣਾ ਕੇ ਨਸ਼ਾ ਮੁਕਤ, ਭ੍ਰਿਸ਼ਟਾਚਾਰ ਮੁਕਤ ਅਤੇ ਇਮਾਨਦਾਰ ਪੰਜਾਬ ਸਿਰਜਿਆ ਜਾਵੇਗਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਨਵੇਂ ਦੀ ਦਸ-ਦਸ ਵਿੱਚੋਂ ਬਾਹਰ ਕੱਢਿਆ ਜਾਵੇਗਾ।
===AUTHOR===
ਨਰਿੰਦਰ ਸਿੰਘ ਬੇਦੀ